ਗੁਰਮਿੰਦਰ ਸਿੱਧੂ ਦੀਆਂ ਗ਼ਜ਼ਲਾਂ
Monday, 28 October 2019
Sunday, 27 October 2019
Monday, 17 October 2016
ਨਦੀਆਂ ਦੀ ਉਡੀਕ ਇਉਂ ........
ਨਦੀਆਂ ਦੀ ਉਡੀਕ ਇਉਂ ਸਾਗਰ ਨੂੰ ਤੜਪਾਉਂਦੀ ਰਹੀ।
ਹਰ ਲਹਿਰ ਰੇਤੇ ਦੇ
ਉੱਤੇ
ਔਸੀਆਂ ਵਾਹੁੰਦੀ ਰਹੀ।
ਦਿਲ ’ਚੋਂ ਨਿੱਕਲ ਕੇ ਅੱਖਾਂ ਦੀ ਝੀਲ ਤੀਕਰ ਪਹੁੰਚਦੀ,
ਇਕ ਨਦੀ ਸੀ ਜਿਹਦੇ ਵਿੱਚ ਕਵਿੱਤਾ ਮੇਰੀ ਨਾਹੁੰਦੀ ਰਹੀ।
ਮੀਚ ਕੇ ਬੁਲ੍ਹੀਆਂ , ਜੋ ਗੱਲ ਬੋਲੀ ਸੀ ਤੂੰ ਵਿੱਚ ਭੀੜ ਦੇ,
ਉਹੀ ਗੱਲ ਤਨਹਾਈਆਂ ਨੂੰ ਬਾਂਕੜੀ
ਲਾਉਂਦੀ ਰਹੀ।
ਡੰਗ ਸੀ ਨਾਗਾਂ ਦੇ ਜਾਂ
ਫਿਰ ਸਫ਼ਰ ਸੀ ਤਲਵਾਰ ਦਾ
ਪੀੜ ਮੇਰੀ ਹਿੱਕ ਦੀ
ਜ਼ੰਜੀਰ ਛਣਕਾਉਂਦੀ ਰਹੀ।
ਵੇਸ ਕੰਡਿਆਲਾ ਜਿਹਾ , ਖ਼ੁਸ਼ਬੋ ਦਾ ਪਹਿਰਾ ਆਸ-ਪਾਸ,
ਜ਼ਿੰਦਗੀ ਮੇਰੀ ਗਲੀ ਵਿੱਚ
ਇਸ ਤਰਾਂ ਆਉਂਦੀ ਰਹੀ।
ਨਾ ਲਿਖੀ ਤੂੰ ਨਾ ਪੜ੍ਹੀ ਮੈਂ , ਹੋ ਗਈ ਬਦਨਾਮ
ਪਰ,
ਚਿੱਠੀ ਉਹ ਜੋ ਸੁਫ਼ਨਿਆਂ ਦੀ ਡਾਕ ਵਿੱਚ ਆਉਂਦੀ ਰਹੀ।
ਤੇਰਿਆਂ ਖੰਭਾਂ 'ਤੇ ਉੱਡੀ ਹਾਂ
ਇਹ ਕਿਸਮਤ
ਹੈ ਮੇਰੀ,
ਉਂਜ ਸੁਣਿਐ ਹਰ ਚਿੜੀ ਪਿੰਜਰੇ ’ਚ ਕੁਰਲਾਉਂਦੀ ਰਹੀ।
ਨਹਿਰਾਂ ਦੇ ਕੰਢੇ ਕੰਢੇ ............
ਨਹਿਰਾਂ ਦੇ ਕੰਢੇ ਕੰਢੇ , ਬਿਰਖਾਂ ਦੇ ਕੋਲ ਕੋਲ
ਲਿਖੀ ਗਈ ਇਬਾਰਤ ਹੈ
ਖ਼ੂਨ ਡੋਲ੍ਹ ਡੋਲ੍ਹ
ਸੂਰਜ ਨੇ ਪੜ੍ਹ ਲਈ ਹੈ ਅੰਬਰ ਨੇ ਸੁਣ ਲਈ ਹੈ
ਪੌਣਾਂ ਕਿਤਾਬ ਜਿਹੜੀ ਰੱਖੀ
ਹੈ ਖੋਲ੍ਹ ਖੋਲ੍ਹ
ਕਿੱਦਾਂ ਲੁਕਾ ਲਓਗੇ ਪਾਣੀ
ਦੇ ਹੇਠ ਦੀਵਾ
ਕਿਹੜਾ ਨਿਆਂ ਕਰੋਗੇ ਨੇਰ੍ਹੇ
ਨੂੰ ਫੋਲ ਫੋਲ
ਪਛਤਾਵਿਆਂ ਦੀ ਠੰਢਕ ਨਹੀਂਓ ਸਹਾਰ ਹੋਣੀ
ਅਹਿਸਾਸ ਬਰਫ਼ ਵਾਂਗੂੰ , ਵੇਚੋ ਨਾ ਤੋਲ ਤੋਲ
ਨਫਰਤ ਨੇ ਵਿੰਗੀ ਕੀਤੀ
, ਬੰਬਾਂ ਨੇ ਚਿੱਬ ਪਾਏ
ਪਹਿਲਾਂ ਤਾਂ ਧਰਤ ਸਾਰੀ ਹੁੰਦੀ
ਸੀ ਗੋਲ਼ ਗੋਲ਼
ਕਿੱਥੇ ਹੈ ਲੈ ਕੇ ਆਈ
, ਸਾਡੀ ਪਿਆਸ ਸਾਨੂੰ
ਬਾਰੂਦ ਪੀ ਰਹੇ ਹਾਂ
ਪਾਣੀ
‘ਚ ਘੋਲ਼ ਘੋਲ਼
ਤੈਨੂੰ ਤਲਾਸ਼ਦੀ ਮੈਂ ਪੁਲਾੜ
ਤੀਕ ਆਈ
ਲਾਹ ਕੇ ਇਹ ਖੇਸ ਨੀਲਾ ਕੋਈ
ਤਾਂ ਬੋਲ ਬੋਲ । ਜ਼ਿੰਦਗੀ ਤਪਦੇ ਸਿਰਾਂ 'ਤੇ ਛਾਂ ਕਰ ਦੇ
ਜ਼ਿੰਦਗੀ ਤਪਦੇ ਸਿਰਾਂ 'ਤੇ ਛਾਂ
ਕਰ ਦੇ
ਫੁੱਲਾਂ ਦਾ ਇਕ ਮੌਸਮ ਸਭ ਦੇ ਨਾਂ ਕਰ ਦੇ
ਮਾਂਗ ਨੂੰ ਸੰਧੂਰ ਦਾ ਵਰਦਾਨ ਦੇ ਦੇ
ਹਰ ਸੰਧੂਰੀ ਮਾਂਗ ਨੂੰ
ਫਿਰ ਮਾਂ ਕਰ ਦੇ
ਵਕਤ ਨੇ ਜਿਸ ਪੰਛੀ ਦੇ ਪਰ ਨੋਚ ਦਿੱਤੇ
ਉਹਦੇ ਪੌਂਹਚੇ ਹੇਠਾਂ ਕਹਿਕਸ਼ਾਂ ਕਰ ਦੇ
ਖੂਨ ਪੀ ਕੇ ਪਾਣੀ-ਪਾਣੀ
ਹੋਏ ਜਿਹੜੇ
ਉਹਨਾਂ ਸਭ ਦਰਿਆਵਾਂ ਨੂੰ ਝਨਾਂ ਕਰ ਦੇ
ਕੋਈ ਸਰਗਮ ਕੰਨੀਂ ਪਾ ਬਾਰੂਦ
ਦੇ ਹੁਣ
ਗੋਲੀਆਂ ਦਾ ਸ਼ੋਰ ਝਾਂਜਰਾਂ ਕਰ ਦੇ
ਜੀਣ ਦਾ ਜੇ ਹੱਕ ਹੈ ਸਭਨਾਂ ਨੂੰ ਤਾਂ ਫਿਰ
ਟੁੱਟੀਆਂ ਮੰਜੀਆਂ ਨੂੰ
ਕੁਰਸੀਆਂ ਕਰ ਦੇ
ਰੋਂਦੀਆਂ ਰੁੱਤਾਂ ਦੀ ਹੂਕ
ਸੁਣ ਜ਼ਰਾ ਤੂੰ
ਜ਼ਿੰਦਗੀ! ਓ ਜ਼ਿੰਦਗੀ! ਹੁਣ ਹਾਂ ਕਰ ਦੇ।
ਜ਼ਿੰਦਗੀ! ਓ ਜ਼ਿੰਦਗੀ! ਹੁਣ ਹਾਂ ਕਰ ਦੇ।
Subscribe to:
Comments (Atom)


