ਨਦੀਆਂ ਦੀ ਉਡੀਕ ਇਉਂ ਸਾਗਰ ਨੂੰ ਤੜਪਾਉਂਦੀ ਰਹੀ।
ਹਰ ਲਹਿਰ ਰੇਤੇ ਦੇ
ਉੱਤੇ
ਔਸੀਆਂ ਵਾਹੁੰਦੀ ਰਹੀ।
ਦਿਲ ’ਚੋਂ ਨਿੱਕਲ ਕੇ ਅੱਖਾਂ ਦੀ ਝੀਲ ਤੀਕਰ ਪਹੁੰਚਦੀ,
ਇਕ ਨਦੀ ਸੀ ਜਿਹਦੇ ਵਿੱਚ ਕਵਿੱਤਾ ਮੇਰੀ ਨਾਹੁੰਦੀ ਰਹੀ।
ਮੀਚ ਕੇ ਬੁਲ੍ਹੀਆਂ , ਜੋ ਗੱਲ ਬੋਲੀ ਸੀ ਤੂੰ ਵਿੱਚ ਭੀੜ ਦੇ,
ਉਹੀ ਗੱਲ ਤਨਹਾਈਆਂ ਨੂੰ ਬਾਂਕੜੀ
ਲਾਉਂਦੀ ਰਹੀ।
ਡੰਗ ਸੀ ਨਾਗਾਂ ਦੇ ਜਾਂ
ਫਿਰ ਸਫ਼ਰ ਸੀ ਤਲਵਾਰ ਦਾ
ਪੀੜ ਮੇਰੀ ਹਿੱਕ ਦੀ
ਜ਼ੰਜੀਰ ਛਣਕਾਉਂਦੀ ਰਹੀ।
ਵੇਸ ਕੰਡਿਆਲਾ ਜਿਹਾ , ਖ਼ੁਸ਼ਬੋ ਦਾ ਪਹਿਰਾ ਆਸ-ਪਾਸ,
ਜ਼ਿੰਦਗੀ ਮੇਰੀ ਗਲੀ ਵਿੱਚ
ਇਸ ਤਰਾਂ ਆਉਂਦੀ ਰਹੀ।
ਨਾ ਲਿਖੀ ਤੂੰ ਨਾ ਪੜ੍ਹੀ ਮੈਂ , ਹੋ ਗਈ ਬਦਨਾਮ
ਪਰ,
ਚਿੱਠੀ ਉਹ ਜੋ ਸੁਫ਼ਨਿਆਂ ਦੀ ਡਾਕ ਵਿੱਚ ਆਉਂਦੀ ਰਹੀ।
ਤੇਰਿਆਂ ਖੰਭਾਂ 'ਤੇ ਉੱਡੀ ਹਾਂ
ਇਹ ਕਿਸਮਤ
ਹੈ ਮੇਰੀ,
ਉਂਜ ਸੁਣਿਐ ਹਰ ਚਿੜੀ ਪਿੰਜਰੇ ’ਚ ਕੁਰਲਾਉਂਦੀ ਰਹੀ।

No comments:
Post a Comment