Monday, 17 October 2016

ਨਦੀਆਂ ਦੀ ਉਡੀਕ ਇਉਂ ........

ਨਦੀਆਂ ਦੀ ਉਡੀਕ ਇਉਂ ਸਾਗਰ ਨੂੰ ਤੜਪਾਉਂਦੀ ਰਹੀ।
ਹਰ  ਲਹਿਰ  ਰੇਤੇ  ਦੇ  ਉੱਤੇ  ਔਸੀਆਂ  ਵਾਹੁੰਦੀ  ਰਹੀ।

ਦਿਲ ’ਚੋਂ  ਨਿੱਕਲ  ਕੇ ਅੱਖਾਂ ਦੀ ਝੀਲ ਤੀਕਰ ਪਹੁੰਚਦੀ,              
ਇਕ ਨਦੀ ਸੀ ਜਿਹਦੇ ਵਿੱਚ ਕਵਿੱਤਾ ਮੇਰੀ ਨਾਹੁੰਦੀ ਰਹੀ।

ਮੀਚ ਕੇ ਬੁਲ੍ਹੀਆਂ , ਜੋ ਗੱਲ ਬੋਲੀ ਸੀ ਤੂੰ  ਵਿੱਚ ਭੀੜ ਦੇ,
ਉਹੀ  ਗੱਲ  ਤਨਹਾਈਆਂ  ਨੂੰ  ਬਾਂਕੜੀ  ਲਾਉਂਦੀ  ਰਹੀ।

ਡੰਗ  ਸੀ ਨਾਗਾਂ ਦੇ ਜਾਂ  ਫਿਰ  ਸਫ਼ਰ  ਸੀ  ਤਲਵਾਰ ਦਾ
ਪੀੜ   ਮੇਰੀ   ਹਿੱਕ  ਦੀ  ਜ਼ੰਜੀਰ   ਛਣਕਾਉਂਦੀ  ਰਹੀ।

ਵੇਸ ਕੰਡਿਆਲਾ ਜਿਹਾ , ਖ਼ੁਸ਼ਬੋ ਦਾ ਪਹਿਰਾ ਆਸ-ਪਾਸ,
ਜ਼ਿੰਦਗੀ  ਮੇਰੀ  ਗਲੀ  ਵਿੱਚ  ਇਸ ਤਰਾਂ ਆਉਂਦੀ  ਰਹੀ।

ਨਾ  ਲਿਖੀ ਤੂੰ  ਨਾ ਪੜ੍ਹੀ ਮੈਂ , ਹੋ  ਗਈ  ਬਦਨਾਮ  ਪਰ,
ਚਿੱਠੀ  ਉਹ ਜੋ  ਸੁਫ਼ਨਿਆਂ ਦੀ ਡਾਕ ਵਿੱਚ ਆਉਂਦੀ ਰਹੀ।

ਤੇਰਿਆਂ  ਖੰਭਾਂ 'ਤੇ  ਉੱਡੀ  ਹਾਂ  ਇਹ ਕਿਸਮਤ  ਹੈ ਮੇਰੀ,
ਉਂਜ ਸੁਣਿਐ ਹਰ ਚਿੜੀ ਪਿੰਜਰੇ ’ਚ ਕੁਰਲਾਉਂਦੀ ਰਹੀ।





ਨਹਿਰਾਂ ਦੇ ਕੰਢੇ ਕੰਢੇ ............

ਨਹਿਰਾਂ ਦੇ ਕੰਢੇ ਕੰਢੇ  , ਬਿਰਖਾਂ ਦੇ ਕੋਲ ਕੋਲ
ਲਿਖੀ  ਗਈ  ਇਬਾਰਤ  ਹੈ  ਖ਼ੂਨ  ਡੋਲ੍ਹ  ਡੋਲ੍ਹ

ਸੂਰਜ ਨੇ ਪੜ੍ਹ ਲਈ ਹੈ ਅੰਬਰ ਨੇ ਸੁਣ ਲਈ ਹੈ
ਪੌਣਾਂ  ਕਿਤਾਬ  ਜਿਹੜੀ  ਰੱਖੀ  ਹੈ  ਖੋਲ੍ਹ  ਖੋਲ੍ਹ

ਕਿੱਦਾਂ  ਲੁਕਾ  ਲਓਗੇ  ਪਾਣੀ  ਦੇ  ਹੇਠ  ਦੀਵਾ
ਕਿਹੜਾ  ਨਿਆਂ  ਕਰੋਗੇ   ਨੇਰ੍ਹੇ  ਨੂੰ  ਫੋਲ  ਫੋਲ

ਪਛਤਾਵਿਆਂ  ਦੀ  ਠੰਢਕ ਨਹੀਂਓ ਸਹਾਰ ਹੋਣੀ
ਅਹਿਸਾਸ  ਬਰਫ਼  ਵਾਂਗੂੰ , ਵੇਚੋ  ਨਾ  ਤੋਲ ਤੋਲ

ਨਫਰਤ ਨੇ  ਵਿੰਗੀ ਕੀਤੀ , ਬੰਬਾਂ ਨੇ ਚਿੱਬ ਪਾਏ
ਪਹਿਲਾਂ ਤਾਂ  ਧਰਤ  ਸਾਰੀ  ਹੁੰਦੀ ਸੀ ਗੋਲ਼ ਗੋਲ਼

ਕਿੱਥੇ  ਹੈ  ਲੈ  ਕੇ ਆਈ , ਸਾਡੀ  ਪਿਆਸ  ਸਾਨੂੰ
ਬਾਰੂਦ  ਪੀ  ਰਹੇ  ਹਾਂ   ਪਾਣੀ  ‘ਚ  ਘੋਲ਼  ਘੋਲ਼

ਤੈਨੂੰ    ਤਲਾਸ਼ਦੀ   ਮੈਂ   ਪੁਲਾੜ   ਤੀਕ   ਆਈ
ਲਾਹ  ਕੇ  ਇਹ  ਖੇਸ  ਨੀਲਾ  ਕੋਈ ਤਾਂ ਬੋਲ ਬੋਲ । 

ਜ਼ਿੰਦਗੀ ਤਪਦੇ ਸਿਰਾਂ 'ਤੇ ਛਾਂ ਕਰ ਦੇ


ਜ਼ਿੰਦਗੀ  ਤਪਦੇ  ਸਿਰਾਂ  'ਤੇ ਛਾਂ  ਕਰ ਦੇ
ਫੁੱਲਾਂ ਦਾ ਇਕ ਮੌਸਮ ਸਭ ਦੇ ਨਾਂ ਕਰ ਦੇ

ਮਾਂਗ  ਨੂੰ  ਸੰਧੂਰ  ਦਾ  ਵਰਦਾਨ  ਦੇ  ਦੇ
ਹਰ  ਸੰਧੂਰੀ  ਮਾਂਗ  ਨੂੰ ਫਿਰ ਮਾਂ ਕਰ ਦੇ

ਵਕਤ ਨੇ ਜਿਸ ਪੰਛੀ ਦੇ ਪਰ ਨੋਚ ਦਿੱਤੇ
ਉਹਦੇ ਪੌਂਹਚੇ ਹੇਠਾਂ  ਕਹਿਕਸ਼ਾਂ  ਕਰ ਦੇ

ਖੂਨ  ਪੀ ਕੇ  ਪਾਣੀ-ਪਾਣੀ  ਹੋਏ ਜਿਹੜੇ
ਉਹਨਾਂ ਸਭ ਦਰਿਆਵਾਂ ਨੂੰ ਝਨਾਂ ਕਰ ਦੇ

ਕੋਈ  ਸਰਗਮ ਕੰਨੀਂ ਪਾ ਬਾਰੂਦ ਦੇ ਹੁਣ
ਗੋਲੀਆਂ   ਦਾ  ਸ਼ੋਰ  ਝਾਂਜਰਾਂ  ਕਰ  ਦੇ

ਜੀਣ ਦਾ ਜੇ ਹੱਕ ਹੈ ਸਭਨਾਂ ਨੂੰ ਤਾਂ ਫਿਰ
ਟੁੱਟੀਆਂ  ਮੰਜੀਆਂ ਨੂੰ ਕੁਰਸੀਆਂ ਕਰ ਦੇ

ਰੋਂਦੀਆਂ  ਰੁੱਤਾਂ  ਦੀ ਹੂਕ  ਸੁਣ ਜ਼ਰਾ ਤੂੰ
ਜ਼ਿੰਦਗੀ! ਓ  ਜ਼ਿੰਦਗੀ! ਹੁਣ ਹਾਂ ਕਰ ਦੇ।

ਚੱਲ ! ਸੂਰਜ ਨੂੰ ਬੁਲਾਈਏ ਕੋਲ਼ ਐ ਦਿਲਾ!

ਚੱਲ ! ਕਰੀਏ ਵਕਤ ਨੂੰ ਮਖੌਲ ਐ ਦਿਲਾ !
ਚੱਲ ! ਸੂਰਜ ਨੂੰ ਬੁਲਾਈਏ ਕੋਲ਼ ਐ ਦਿਲਾ!

ਲੈ  ਗਈ  ਨ੍ਹੇਰੀ  ਉਡਾ ਕੇ ਆਲ੍ਹਣਾ ਤਾਂ ਕੀ
ਚੱਲ  ਤੀਲ੍ਹੇ  ਫੇਰ  ਲਈਏ ਟੋਲ਼ ਐ ਦਿਲਾ !

ਲੱਭ  ਜਾਣੇ  ਨੇ  ਗੁਆਚੇ  ਚੰਨ  ਤਾਰੇ ਸਭ
ਇਕ   ਵਾਰ  ਬੱਦਲਾਂ  ਨੂੰ  ਫੋਲ ਐ ਦਿਲਾ !

ਬਹੁਤ ਰੋਇਆ ਚੀਕਿਆ, ਹਉਕੇ ਭਰੇ ਬੜੇ
ਇਕ  ਬੋਲ   ਹੌਸਲੇ ਦਾ  ਬੋਲ  ਐ ਦਿਲਾ !

ਹੱਥ ਨੇ ਤੇਰੇ ਸਲਾਮਤ,ਸਿਰ'ਤੇ ਉਹਦਾ ਹੱਥ
ਕਿਹੜੀ ਗੱਲੋਂ  ਫੇਰ  ਡਾਵਾਂਡੋਲ  ਐ  ਦਿਲਾ !

ਹੰਝੂਆਂ  ਦੇ  ਕਾਫਿਲੇ  ਨੂੰ  ਮੋੜ  ਪਿੱਛੇ  ਵੱਲ
ਹਾਸਿਆਂ  ਦੇ  ਲਈ  ਬੂਹੇ  ਖੋਲ੍ਹ  ਐ ਦਿਲਾ !

ਚੁੱਕ ਲੈ ਹੁਣ  ਫੇਰ ਤੋਂ ਮਿਹਨਤ ਦੀ ਛਾਨਣੀ
ਚੱਲ ! ਰੋੜਾਂ  ਵਿਚੋਂ  ਮੋਤੀ  ਰੋਲ ਐ  ਦਿਲਾ !

ਚੱਲ ! ਕਰੀਏ ਵਕਤ  ਨੂੰ ਮਖੌਲ ਐ  ਦਿਲਾ !

ਚੱਲ !  ਸੂਰਜ ਨੂੰ ਬੁਲਾਈਏ ਕੋਲ਼ ਐ ਦਿਲਾ !



ਜ਼ਖ਼ਮਾਂ ਦਾ ਮੇਲਾ ਹੈ ਦਿਲ ਵਿਚ ...


ਜ਼ਖ਼ਮਾਂ ਦਾ ਮੇਲਾ ਹੈ ਦਿਲ ਵਿਚ,ਇਕ ਜ਼ਖਮ ਹੋਰ ਸਹੀ
ਮੇਰੀਆਂ  ਅੱਖਾਂ  ਨੂੰ ਅੱਥਰੂ,  ਮੇਰੇ  ਹਮਦਮ  ਹੋਰ ਸਹੀ

ਹਰ ਮਹਿਫ਼ਲ ਵਿਚ ਸੀ ਤੇਰਾ ਬੇਗਾਨਾਪਨ,ਮੇਰੀ ਉਮੀਦ
ਅਜੇ ਵੀ  ਛੱਡਿਆ ਨਹੀਂ ਦਿਲ , ਇਕ ਵਜ਼ਮ ਹੋਰ ਸਹੀ

ਰਾਤ ਗੂੜ੍ਹੀ ਕਾਲੀ,ਜਿਹਦਾ ਆਖਰੀ ਦਿਸਦਾ ਸਿਰਾ ਨਾ,
ਚੰਦ  ਹੈ  ਹੁਣ  ਚੜ੍ਹਨ ਵਾਲਾ, ਇਕ  ਭਰਮ  ਹੋਰ ਸਹੀ

ਹੰਝੂ ਕਰਨ ਉਦਾਸ ਤੈਨੂੰ, ਇਸ ਲਈ ਮੈਂ ਮੁਸਕੁਰਾਉਣੈਂ
ਤੇਰੇ  ਹਾਸਿਆਂ ਦੀ ਖਾਤਿਰ ,  ਇਕ ਕਰਮ ਹੋਰ ਸਹੀ

ਫਿਰ ਮੰਗਾਂਗੇ ਜਿਸਮ ਉਸ ਤੋਂ,ਫਿਰ ਆਵਾਂਗੇ ਤੇਰੇ ਘਰ
ਇਸ ਜਨਮ ਦੀਆਂ ਚਾਹਤਾਂ ਨੂੰ,ਇਕ ਜਨਮ ਹੋਰ ਸਹੀ

ਜਾਣਦੇ  ਸਭ  ਹਾਲ  ਮੇਰਾ,  ਤੂੰ ਹੀ ਬੱਸ ਅਣਜਾਣ ਹੈਂ

ਅੱਜ  ਤੇਰੇ  ਰੂਬਰੂ  ਫਿਰ , ਇਕ  ਨਜ਼ਮ  ਹੋਰ  ਸਹੀ 



ਕਦੇ ਨਹੀਂ ਵਕਤ ਨੂੰ ਦਰਦਾਂ ਦਾ.........


ਕਦੇ ਨਹੀਂ ਵਕਤ ਨੂੰ ਦਰਦਾਂ ਦਾ ਉਹ ਪਲ ਭੁੱਲਿਆ ਹੋਣਾ
ਤੇਰਾ  ਹੱਸ  ਕੇ  ਗਲੇ  ਲੱਗਣਾ , ਮੇਰਾ  ਰੋ  ਕੇ ਜੁਦਾ ਹੋਣਾ

ਉਹ  ਮੇਰਾ  ਬੈਠ  ਜਾਣਾ  ਖੋਲ੍ਹ ਕੇ  ਐਵੇਂ  ਕੋਈ  ਪੁਸਤਕ   
ਤੇ  ਪੜ੍ਹਦੇ  ਜਾਣਾ  ਤੈਨੂੰ  ਹੀ , ਨਾ ਵਰਕਾ ਪਰਤਿਆ ਹੋਣਾ

ਮੇਰੀ ਵੰਗ  ਲਾਹ ਕੇ  ਤੇਰਾ ਭੰਨਣਾ ਆਪਣੀ ਹਥੇਲੀ 'ਤੇ
ਤੇ  ਟੋਟਾ  ਪਿਆਰ  ਦਾ  ਹੋਂਠਾਂ  ਵਿਚਾਲੇ  ਨੱਪਿਆ  ਹੋਣਾ

ਨਦੀ  ਦੇ  ਵਿੱਚ  ਮੇਰਾ  ਮੱਚ  ਜਾਣਾ  ਸਰਕੜੇ  ਵਾਂਗਰ
ਤੇ ਥਲ ਵਿੱਚ ਜਿਸਮ ਮੇਰਾ ਅੱਡੀਆਂ ਤੱਕ ਭਿੱਜਿਆ ਹੋਣਾ

ਮੇਰੇ  ਨੈਣਾਂ  ਦੇ ਕੰਕਰ ਦਾ, ਉਹ  ਚੁਭ  ਜਾਣਾ ਤੇਰੇ ਨੈਣੀਂ
ਤੇਰਾ  ਹਰ  ਹੰਝੂ  ਮੇਰੀ   ਪੀੜ  ਉਤੋਂ   ਵਾਰਿਆ  ਹੋਣਾ

ਮੁਹੱਬਤ ਧਰਤ , ਕੰਧਾਂ  ਤੇ  ਮੁਹੱਬਤ  ਦੀ ਹੀ ਛੱਤ ਦੇਣੀ
ਕਿਸੇ  ਨਹੀਂ  ਵਾਂਗਰਾਂ  ਤੇਰੇ  ਵਫ਼ਾ  ਨੂੰ  ਵਰਤਿਆ  ਹੋਣਾ

ਮਨੁੱਖਤਾ ਦਾ ਰਤਨ ਨਿੱਕਲੇ , ਨਾ  ਕੋਈ ਦੇਵ ਨਾ ਦਾਨਵ             

ਕਿਸੇ  ਨਹੀਂ  ਇਸ ਤਰ੍ਹਾਂ  ਕੋਈ ਸਮੁੰਦਰ ਰਿੜਕਿਆ ਹੋਣਾ।



ਕੋਈ ਵਾਟਾਂ ਜੋਹ ਕੇ ਦੇਖੇ…..

ਕੋਈ  ਵਾਟਾਂ  ਜੋਹ ਕੇ ਦੇਖੇ , ਜ਼ਖਮਾਂ  ਨੂੰ   ਟੋਹ  ਕੇ  ਦੇਖੇ
ਮੈਂ  ਕਿੱਥੋਂ   ਕਿੱਥੋਂ   ਛਲਨੀ ?  ਮੇਰੇ  ਕੋਲ  ਖੜੋ  ਕੇ ਦੇਖੇ

ਮੈਨੂੰ ਭੁੱਲ ਗਿਆ ਸਿਰਨਾਵਾਂ,ਮੈਂ ਭਟਕ ਰਹੀ ਵਿੱਚ ਰਾਹਵਾਂ
ਮੇਰੇ  ਹੰਝੂਆਂ ਦੇ ਵਿੱਚ ਆਪਣੇ  ਕੋਈ  ਨੈਣ  ਡੁਬੋ  ਕੇ ਦੇਖੇ

ਮੈਂ  ਕੱਚ  ਦੰਦਾਂ  ਨਾਲ  ਚੱਬੇ , ਕਬਰਾਂ  ਵਿੱਚ  ਹਾਸੇ  ਦੱਬੇ
ਮੇਰੇ  ਦਰਦਾਂ  ਦੀ  ਮਮਟੀ 'ਤੇ   ਕੋਈ  ਆਪ ਖੜੋ ਕੇ ਦੇਖੇ

ਮੈਂ  ਮੋਮ  ਦੇ  ਵਾਂਗੂੰ  ਪਿਘਲਾਂ , ਅੱਗ  ਘੁਟੋ-ਵੱਟੀ  ਨਿਗਲਾਂ

ਮੇਰੇ  ਨਾਲ  ਰੁੱਸਣ   ਵਾਲਾ  ਮੇਰੇ  ਵਰਗਾ  ਹੋ  ਕੇ  ਦੇਖੇ ।


ਹੰਝੂ ਨੈਣਾਂ ਤੋਂ ਜੁਦਾ ਨਹੀਂ ਹੁੰਦੇ


ਹੰਝੂ   ਨੈਣਾਂ   ਤੋਂ  ਜੁਦਾ  ਨਹੀਂ  ਹੁੰਦੇ
ਤੇਰੇ  ਵਾਅਦੇ  ਜੋ  ਵਫ਼ਾ  ਨਹੀਂ  ਹੁੰਦੇ

ਕਦੀ ਭੁੱਲ ਕੇ ਵੀ ਰਹਿਮ ਨਹੀਂ ਕਰਦੇ
ਸਨਮ   ਲੋਕੋ !  ਖ਼ੁਦਾ   ਨਹੀਂ   ਹੁੰਦੇ

ਹੱਦੋਂ  ਵੱਧ  ਦੁਖਾਉਂਦੇ  ਨੇ ਨਿੱਤ ਸਾਨੂੰ
ਸਾਡੇ  ਦਰਦ  ਤਾਂ  ਦਵਾ  ਨਹੀਂ  ਹੁੰਦੇ

ਜ਼ਖ਼ਮ ਦੇਣ ਵਾਲੇ!ਕਦੀ ਮੱਲ੍ਹਮ ਵੀ ਬਣ
ਫ਼ਰਜ਼  ਤੈਥੋਂ  ਕਿਉਂ  ਅਦਾ  ਨਹੀਂ ਹੁੰਦੇ

ਕਦੀ  ਵੈਣਾਂ  ਦੀ 'ਵਾਜ  ਵੀ ਗੂੰਜਦੀ ਏ
ਗੀਤ  ਮਹਿਫ਼ਲ  ‘ਚ ਸਦਾ  ਨਹੀਂ ਹੁੰਦੇ

ਕੋਈ ਕੋਈ ਤਾਂ ਨਿਭਦਾ ਏ ਤੋੜ ਤੀਕਰ
ਵਾਅਦੇ  ਸਾਰੇ  ਹੀ  ਦਗ਼ਾ  ਨਹੀਂ  ਹੁੰਦੇ

ਜਦ ਮਹਿਬੂਬ ਲਈ ਥਲਾਂ’ਚ ਚੱਲਣਾ ਪਏ
ਛਾਲੇ   ਪੈਰਾਂ   ਦੇ   ਸਜ਼ਾ  ਨਹੀਂ  ਹੁੰਦੇ

ਵਣਜ  ਹੰਝੂਆਂ  ਦਾ  ਆਪ  ਕਰੀਦਾ ਏ
ਹੰਝੂ   ਰੱਬ   ਦੀ   ਰਜ਼ਾ   ਨਹੀਂ   ਹੁੰਦੇ

ਕਦੀ  ਕਦੀ  ਹੀ  ਮਿਲਦੇ ਨੇ ਦਿਲ ਕੋਈ
ਵਕਤ   ਮਿਹਰਬਾਂ   ਸਦਾ  ਨਹੀਂ   ਹੁੰਦੇ

ਇਕ  ਵਾਰੀ  ਤਾਂ  ਪਿੱਛੇ  ਨੂੰ ਦੇਖ ਮੁੜਕੇ

ਇੰਜ    ਆਪਣੇ   ਖ਼ਫ਼ਾ    ਨਹੀਂ   ਹੁੰਦੇ ।


ਕਿਸੇ ਦੀ ਨਾ ਸੁਣਦਾ ਇਹ ਬੇਦਰਦ ਮੌਸਮ

ਕਿਸੇ ਦੀ ਨਾ ਸੁਣਦਾ ਇਹ ਬੇਦਰਦ ਮੌਸਮ
ਮਰ ਗਏ ਨੇ ਜਜ਼ਬੇ, ਹੋਇਐ ਸਰਦ ਮੌਸਮ

ਸਾਫ਼  ਨਾ  ਦਿਸਦਾ  ਚਿਹਰਾ ਦੋਸਤਾਂ  ਦਾ    
ਲਿਆਇਆ ਹੈ ਲੋਕੋ ! ਐਨੀ ਗਰਦ ਮੌਸਮ

ਸੁੱਕੀਆਂ ਨੇ ਟਾਹਣਾਂ ਤੇ ਗੁੰਗੀਆਂ ਨੇ ਕੋਇਲਾਂ
ਤੇ ਖੁਦ ਨੂੰ ਹੈ ਕਹਿੰਦਾ 'ਮਹਾਂਮਰਦ' ਮੌਸਮ

ਨਾ  ਮਾਂ  ਰੋਂਦੀ ਦੇਖੇ , ਨਾ  ਭੈਣਾਂ ਦੀ ਸੁਣਦੈ
ਲਾਹ  ਬੈਠੈ ਲੋਈ , ਇਹ  ਬੇਪਰਦ  ਮੌਸਮ

ਸੁਹਾਗਣ ਦੀ ਮਾਂਗ ਦੇ  ਵਿੱਚ  ਰਾਖ ਭਰਕੇ
ਅੱਖ ਵੀ ਨਾ ਭਰਦਾ  ਇਹ ਨਾਮਰਦ ਮੌਸਮ

ਸਮਝ  ਨਾ  ਆਉਂਦੀ  ਸ਼ਤਰੰਜ  ਦੀ ਬਾਜ਼ੀ
ਹਰ  ਰੋਜ਼  ਚੱਲਦੈ   ਨਵੀਂ  ਨਰਦ  ਮੌਸਮ

ਅੱਗੇ  ਤਾਂ  ਸਰਘੀ  ਨੂੰ  ਵੰਡਦਾ  ਸੀ ਚਾਨਣ    
ਘਰ ਘਰ ’ਚ ਵੰਡਦਾ ਹੈ ਹੁਣ ਦਰਦ ਮੌਸਮ

ਗੁਲਾਬਾਂ  ਦੀ  ਥਾਂ ਹੁਣ  ਤਾਂ ਉੱਗਣ ਸਲੀਬਾਂ
ਕਰੂੰਬਲਾਂ   ਕੱਟੇ  ,   ਫੜੇ  ਕਰਦ   ਮੌਸਮ

ਵਿਚੋਂ  ਤਾਂ  ਜ਼ਖ਼ਮਾਂ  'ਤੇ  ਛਿੜਕਦੈ  ਮਿਰਚਾਂ
ਉੱਪਰੋਂ   ਬਣਦਾ   ਹੈ   ਹਮਦਰਦ   ਮੌਸਮ

ਇਕ  ਦਿਨ  ਤਾਂ ਲੱਗੂ ਨਿਆਂ ਦੀ ਕਚਹਿਰੀ
ਦੇਖਣਾ  !  ਹੋਏਗਾ   ਫਿਰ   ਜ਼ਰਦ  ਮੌਸਮ


ਅਜੇ ਨਹੀਂਉਂ  ਸੁਣਦਾ  ਇਹ ਬੇਦਰਦ ਮੌਸਮ 
ਖਾਲੀ ਜਜ਼ਬਿਆਂ ਤੋਂ ਠੰਢਾ ਸਰਦ ਮੌਸਮ।

ਉਹ ਮੇਰੇ ਅੰਬਰ ਦਾ ਤਾਰਾ ਹੋ ਗਿਆ

ਹੋ  ਗਿਆ  ਆਪਣਾ  ਗੁਜ਼ਾਰਾ ਹੋ ਗਿਆ
ਉਹ  ਮੇਰੇ  ਅੰਬਰ ਦਾ ਤਾਰਾ ਹੋ ਗਿਆ

ਮਾਰ   ਸਕੇ  ਨਾ  ਪਿਆਲੇ  ਜ਼ਹਿਰ  ਦੇ
ਮਾਂ  ਦੀ  ਚੂਰੀ  ਦਾ  ਸਹਾਰਾ  ਹੋ ਗਿਆ

ਇਸ਼ਕ  ਨੇ  ਜਦ  ਵੀ  ਵਜਾਈ  ਵੰਝਲੀ
ਹੁਸਨ  ਵੀ  ਸ਼ੀਸ਼ੇ  ਤੋਂ  ਪਾਰਾ  ਹੋ ਗਿਆ

ਟੁੱਟਿਆ ਮਹਿਲਾਂ ਦੀ ਮਮਟੀ ਦਾ ਗਰੂਰ
ਹੰਝੂ  ਜਦ  ਪੱਥਰ  ਤੋਂ  ਭਾਰਾ ਹੋ ਗਿਆ

ਰਾਤ  ਨੂੰ  ਯਾਦਾਂ  ਦੇ ਬਲ਼ ਉੱਠੇ ਚਿਰਾਗ
ਰੌਸ਼ਨ ਇਉਂ  ਰੂਹ ਦਾ ਚੁਬਾਰਾ ਹੋ ਗਿਆ

ਇਸ ਤਰ੍ਹਾਂ ਆਇਆ ਮੇਰੇ ਗਮ'ਤੇ ਸ਼ਬਾਬ

ਤੇਰਾ  ਦਿੱਤਾ  ਫੁੱਲ , ਅੰਗਾਰਾ  ਹੋ ਗਿਆ

ਰਾਤ ਨੂੰ ਜੋ ਜਗ ਪਿਆ ਸੀ ...........


ਰਾਤ ਨੂੰ ਜੋ ਜਗ ਪਿਆ ਸੀ ਕਹਿਕਸ਼ਾਂ ਦੇ ਨਾਲ ਨਾਲ।
ਓਸ ਸੂਰਜ ਨੇ  ਜਿਉਣੈਂ  ਧੜਕਣਾਂ  ਦੇ  ਨਾਲ  ਨਾਲ ।    

ਬੇਵਿਸਾਹੀ   ਦਾ   ਸਮੁੰਦਰ,  ਬੇਵਫਾਈ  ਦੇ   ਭੰਵਰ,
ਫੇਰ  ਵੀ ਕੰਢੇ 'ਤੇ  ਆਉਣੈਂ ਤਿਣਕਿਆਂ ਦੇ ਨਾਲ ਨਾਲ।

ਤੈਨੂੰ  ਲੱਗੇ   ਸੇਕ  , ਮੈਂ  ਸਾਰੀ  ਦੀ  ਸਾਰੀ  ਮੱਚ ਜਾਂ,
ਇਸ ਤਰ੍ਹਾਂ ਨਿਭਣੀ ਮੁਹੱਬਤ, ਫੇਰਿਆਂ ਦੇ ਨਾਲ ਨਾਲ।

ਅਣਖ ਲਈ ਵੱਢੀ ਸੀ ਜਿਹੜੀ,ਉਸ ਕੁੜੀ ਦੀ ਲਾਸ਼’ਚੋਂ,
ਉੱਠ ਰਹੀਆਂ ਨੇ ਦੁਆਵਾਂ, ਸਿਸਕੀਆਂ  ਦੇ ਨਾਲ ਨਾਲ।

ਰੋਵੇ  ਦਿਲ  ਤੇ ਜ਼ੇਹਨ  ਹੱਸੇ, ਧੀ  ਦੀ  ਡੋਲੀ ਤੋਰ ਕੇ,
ਇਸ ਤਰ੍ਹਾਂ  ਵਸਦੇ  ਨੇ ਹੰਝੂ, ਹਾਸਿਆਂ ਦੇ ਨਾਲ ਨਾਲ।

ਕਿਹੜਿਆਂ ਅੰਬਰਾਂ ‘ਚ ਵਸਨੈਂ, ਕੋਈ ਤਾਂ ਝਲਕਾਰ ਦੇ
ਮੈਂ  ਬੜਾ ਲੱਭਿਆ ਹੈ  ਤੈਨੂੰ  ਤਾਰਿਆਂ ਦੇ ਨਾਲ ਨਾਲ।

ਗ਼ਜ਼ਲ ਲਿਖਣੀ ਇੰਜ ਹੈ,ਸੋਨੇ ‘ਚੋਂ  ਘੜਨੀ ਟੂੰਮ ਜਿਉਂ

ਪਿਘਲਣਾ ਪੈਂਦਾ  ਹੈ , ਤਪਦੇ ਅੱਖਰਾਂ  ਦੇ ਨਾਲ ਨਾਲ।

ਜਿੱਥੇ ਸੀ ਜਾਣੋਂ ਵਰਜਿਆ...

ਜਿੱਥੇ  ਸੀ  ਜਾਣੋਂ   ਵਰਜਿਆ, ਦਿਲ ਓਸੇ ਘਰ ਗਿਆ
ਮਿਲਿਆ ਜੋ ਪੱਥਰ ਦਾ ਸਨਮ,ਟੁੱਟਿਆ ਤੇ ਮਰ ਗਿਆ
         
ਪਿੰਜਰ  ਪਏ  ਸੀ ਖਿੱਲਰੇ , ਬਿੱਖਰੀ  ਪਈ  ਸੀ ਰੇਤ
ਵਾਸਨਾ  ਦੇ  ਹੜ੍ਹ  ਦਾ  ਜਦ  ਪਾਣੀ  ਉਤਰ  ਗਿਆ

ਚੁੰਨੀ ‘ਚ  ਬੰਨ੍ਹੀ  ਅੱਗ  ਦਾ  ਭਾਂਬੜ  ਅਜੀਬ   ਹੈ
ਠਹਿਰੀ ਹਵਾ ਤਾਂ ਬਲ ਪਿਆ, ਚੱਲੀ ਤਾਂ ਠਰ ਗਿਆ

ਰਾਤੀਂ ਜੋ  ਆਪਾਂ  ਬੀਜਿਆ  ਸੀ ਤਾਰਿਆਂ ਦਾ ਖੇਤ
ਸੂਰਜ ਦਾ  ਘੋੜਾ  ਅੱਥਰਾ  ਸਾਰਾ  ਹੀ  ਚਰ ਗਿਆ

ਫੋਨਾਂ  ਦੀ  ਰੁੱਤੇ , ਤਾਰਾਂ   ਉੱਤੇ   ਕਾਂ  ਉਦਾਸ  ਨੇ
ਗੋਰੀ  ਦੇ  ਚੂਰੀ  ਪਾਉਣ  ਦਾ ਮੌਸਮ ਗੁਜ਼ਰ ਗਿਆ

ਪੂੰਝੇ ਮੈਂ  ਹੰਝੂ  ਆਪਣੇ, ਕੁਝ  ਇਸ ਅਦਾ ਦੇ ਨਾਲ
ਮੇਰੀ  ਤਲੀ  ਦੇ  ਉੱਤੇ, ਤੇਰਾ  ਨਾਂ  ਨਿਖਰ  ਗਿਆ

ਚਾਨਣ  ਦੇ  ਇਨਕਲਾਬ  ਦਾ   ਇਕੋ   ਅਸੂਲ  ਹੈ 
ਚਾਨਣ ਲਈ ਜੋ ਬਲ ਗਿਆ,ਚਾਨਣ‘ਚ ਰਲ ਗਿਆ।

Monday, 3 October 2016

ਉਡੀਕਾਂ ਸੁਰਮਈ ਰੱਖਣਾ...............


ਨਾ ਬਹੁਤੀ ਦੁਸ਼ਮਣੀ ਕਰਨਾ,ਨਾ ਬਹੁਤੀ ਦੋਸਤੀ ਕਰਨਾ
ਕਦੀ  ਜੇ  ਹੋ ਸਕੇ  ਤਾਂ ਰਿਸ਼ਤਿਆਂ  ਦੀ ਸ਼ਾਇਰੀ ਕਰਨਾ

ਬੜੇ   ਡੂੰਘੇ  ਤਲਾਅ ਨੇ, ਅਕਸ   ਉੱਤੋਂ ਹੀ ਦਿਖਾਉਂਦੇ ਨੇ
ਨਾ ਲਹਿਣਾ ਵਿੱਚ ਇਹਨਾਂ ਦੇ, ਨਾ ਏਦਾਂ ਖੁਦਕਸ਼ੀ ਕਰਨਾ

ਪਤਾ ਕੀ ਹੈ?ਕਦੋਂ ਪਰਦੇਸ ਵਿੱਚ  ਵਤਨਾਂ ਦੀ ਤੇਹ ਲੱਗੇ
ਖੂਹੀ   ਪਿੰਡ   ਦੀ   ਕੋਲੇ  , ਰਾਤ  ਨੂੰ  ਰੌਸ਼ਨੀ  ਕਰਨਾ

ਜਦੋਂ  ਕਰਨਾ ਪਵਿੱਤਰ ਜਜ਼ਬਿਆਂ  ਦੀ  ਬੰਦਗੀ ਕਰਨਾ
ਅੱਖਾਂ  ਸ਼ਬਨਮੀ  ਰੱਖਣਾ  ਤੇ  ਨਜ਼ਰਾਂ  ਸ਼ਰਬਤੀ ਕਰਨਾ

ਮਿਲੇਗਾ ਕੀ ਤੁਹਾਨੂੰ ? ਪੂਜ ਕੇ ਪੱਥਰਾਂ ਨੂੰ, ਮੜ੍ਹੀਆਂ ਨੂੰ ?
ਜੇ  ਕਰਨਾ ਤਾਂ  ਬਲੌਰੀ  ਅੱਖੀਆਂ ਦੀ ਆਰਤੀ  ਕਰਨਾ

ਨਾ  ਆਪਣੇ  ਅੰਦਰੋਂ ਅਹਿਸਾਸ ਦੀ ਰੰਗਤ  ਉਡਾ ਲੈਣਾ
ਉਡੀਕਾਂ  ਸੁਰਮਈ  ਰੱਖਣਾ, ਬਰੂਹਾਂ  ਕਿਰਮਚੀ ਕਰਨਾ

ਨਾ  ਭਰਨਾ  ਹੰਝੂਆਂ ਦੇ  ਨਾਲ, ਉਮਰਾਂ  ਦੇ  ਕਟੋਰੇ ਨੂੰ
ਕਿਸੇ   ਸੂਹੀ  ਜਿਹੀ  ਮੁਸਕਾਨ  ਦੀ ਖੇਤੀ ਹਰੀ ਕਰਨਾ

ਜ਼ਿੰਦਗੀ ਸਮਝ ਕੇ ਪੱਥਰ, ਨਾ ਐਵੇਂ  ਵਿਲਕਦੇ ਰਹਿਣਾ
ਘੜਨਾ   ਮੂਰਤੀ   ਕੋਈ , ਕੋਈ   ਕਾਰੀਗਰੀ  ਕਰਨਾ ।

ਇਕ ਕੁੜੀ ਸੁਫ਼ਨੇ ਲਿਸ਼ਕਾਈ ਫਿਰਦੀ ਹੈ….

ਸਿਰ 'ਤੇ ਪੰਡ ਚਾਅਵਾਂ ਦੀ ਚਾਈ ਫਿਰਦੀ ਹੈ
ਇਕ  ਕੁੜੀ  ਸੁਫ਼ਨੇ  ਲਿਸ਼ਕਾਈ  ਫਿਰਦੀ ਹੈ

ਸੋਨ-ਸੰਧੂਰੀ  ਰੁੱਤ  ਤੇ  ਮੁੱਖ  ਗੁਲਾਬ ਜਿਹਾ
ਵਾਲਾਂ  ਵਿੱਚ  ਤਾਰੇ  ਗੁੰਦਵਾਈ  ਫਿਰਦੀ ਹੈ

'ਕੱਲੀ  ਬੈਠੀ  ਖਿੜ ਖਿੜ  ਕਰਕੇ ਹੱਸ ਪਵੇ
ਤਲੀਆਂ 'ਤੇ ਅਸਮਾਨ ਟਿਕਾਈ ਫਿਰਦੀ ਹੈ

ਚੁੰਗੀਆਂ   ਭਰਦੀ  ਟਿੱਬੇ  ਟੋਏ  ਟੱਪ ਰਹੀ
ਸਬਰਾਂ  ਦੀ ਗਾਗਰ ਛਲ੍ਹਕਾਈ ਫਿਰਦੀ ਹੈ

ਕਦ  ਆਊਗਾ  ਇਸ਼ਕ ਭੁੰਨਾਵਣ ਪੀੜਾਂ ਨੂੰ
ਉਹ ਤਾਂ  ਹੁਸਨ ਦੀ ਭੱਠੀ ਤਾਈ ਫਿਰਦੀ ਹੈ


ਫੇਸਬੁਕ  ਦੇ  ਥਲ  ’ਚੋਂ  ਪੁੰਨੂ  ਭਾਲ  ਰਹੀ
ਇਹ  ਸੱਸੀ  ਵੀ  ਹੋਈ  ਸ਼ੁਦਾਈ ਫਿਰਦੀ ਹੈ
         
ਜਿਸਨੇ ਉਹਦੇ ਦਿਲ ਵਿੱਚ ਮੋਰੀ ਕਰ ਦੇਣੀ
ਗੁੱਟ 'ਤੇ ਉਹਦਾ ਨਾਂ ਲਿਖਵਾਈ ਫਿਰਦੀ ਹੈ    

ਸ਼ਾਲਾ ! ਉਹਨੂੰ ਉਹਦਾ ਸਾਗਰ ਮਿਲ ਜਾਵੇ 
ਭਰ ਭਰ ਡੁਲ੍ਹਦੀ ਨਦੀ ਤਿਹਾਈ ਫਿਰਦੀ ਹੈ।