ਹਰ ਦਾਗ ਦਿਲ ਦਾ ਉਹਨੂੰ ਜੇ ਮੈਂ ਦਿਖਾਇਆ ਹੁੰਦਾ।
ਸ਼ਬਾਬ ਮੇਰੇ ਗਮ 'ਤੇ ਏਦਾਂ ਨਾ ਆਇਆ ਹੁੰਦਾ।
ਅੱਖਾਂ 'ਚ ਜਗਦੀਆਂ ਨਾ ਖਾਬਾਂ ਦੀਆਂ ਜੇ ਕਬਰਾਂ,
ਹੰਝੂਆਂ ਦਾ ਦੀਵਾ ਏਦਾਂ ਨਾ ਟਿਮਟਿਮਾਇਆ ਹੁੰਦਾ।
ਕੰਡਿਆਲੀਆਂ ਤਾਰਾਂ ਨੂੰ ਚੁੰਮਿਆ ਨਾ ਹੁੰਦਾ ਜੇਕਰ,
ਬੁੱਲ੍ਹਾਂ 'ਤੇ ਰੰਗ ਸੂਹਾ ਨਾ ਗੁਣਗੁਣਾਇਆ ਹੁੰਦਾ।
'ਮੱਚਣ ਦਾ ਸੇਕ ਦੇਖਾਂ', ਜੇ ਮੈਂ ਕਿਹਾ ਨਾ ਹੁੰਦਾ,
ਲਪਟਾਂ ਨੂੰ ਛੋਹ ਦੁਪੱਟਾ ਨਾ ਖਿੜਖਿੜਾਇਆ ਹੁੰਦਾ।
ਰੁਤਬਾ ਫਕੀਰਾਂ ਦਾ ਨਾ ਸ਼ਾਹਾਂ ਤੋਂ ਉੱਚਾ ਹੁੰਦਾ,
ਵਿਹੁ ਦਾ ਪਿਆਲਾ ਜੇ ਨਾ ਗਟ ਗਟ ਚੜ੍ਹਾਇਆ ਹੁੰਦਾ।
ਸਬਰਾਂ ਨੇ ਜਬਰਾਂ ਕੋਲੋਂ ਜੇ ਹਾਰ ਮੰਨੀ ਹੁੰਦੀ,
ਥੋਹਰਾਂ 'ਤੇ ਫੁੱਲ ਕੋਈ ਨਾ ਮੁਸਕੁਰਾਇਆ ਹੁੰਦਾ।
ਮੱਥਾ ਨਾ ਟੇਕਦੀ ਜੇ ਮੈਂ ਦਰਦ ਦੀ ਦਰਗਾਹ 'ਤੇ,
ਨਜ਼ਮਾਂ ਦਾ ਝੁੰਮਰ ਏਦਾਂ ਨਾ ਝਿਲਮਿਲਾਇਆ ਹੁੰਦਾ।

No comments:
Post a Comment