ਮੁਸਕਾਨ ਦੀ ਕੋਈ ਲੋਅ ਜਿਹੀ
ਚਿਹਰੇ 'ਤੇ ਬਾਲ ਰੱਖੀਂ।
ਕਾਇਨਾਤ ਦੀ ਐਲਬਮ 'ਚ ਇਹ ਫੋਟੋ
ਸੰਭਾਲ ਰੱਖੀਂ।
ਲੱਭਦੈਂ ਨਜ਼ਾਰੇ , ਝੀਲ ਤੋਂ , ਫੁੱਲਾਂ ਤੋਂ , ਅੰਬਰੋਂ,
ਖ਼ੁਦ ਵੀ ਨਜ਼ਾਰਾ
ਹੋਣ ਦਾ ਕੋਈ ਕਮਾਲ ਰੱਖੀਂ।
ਮਿਲਦੈ ਚੁਰਾਸੀ ਪੌੜੀਆਂ
ਤੋਂ ਬਾਅਦ ਚਿਹਰਾ ਇਹ,
ਹੰਝੂਆਂ ਦੇ ਸਰਵਰਾਂ 'ਚ ਨਾ ਇਹਨੂੰ ਹੰਗ੍ਹਾਲ ਰੱਖੀਂ।
ਬਿਰਹਾ ਜੇ ਹੁਣ ਨਸੀਬ ਹੈ , ਕੱਲ੍ਹ ਵਸਲ ਵੀ ਤਾਂ ਸੀ,
ਹਾਸੇ ਨੂੰ ਵੀ ਤੂੰ ਹਉਕਿਆਂ
ਦੇ ਨਾਲ ਨਾਲ ਰੱਖੀਂ।
ਤੇਰੇ ਲਈ ਹੀ ਰੰਗ ਹੈ , ਰਸਤਾ ਹੈ , ਨੂਰ ਹੈ,
ਹਉਮੈਂ ਦਾ ਕਾਲਾ-ਮੋਤੀਆ
ਨੈਣਾਂ 'ਚੋਂ
ਟਾਲ ਰੱਖੀਂ।
ਕਿੰਨਿਆਂ ਨੂੰ ਦਿੱਤੀ ਹੈ
ਖ਼ੁਸ਼ੀ? ਕਿੰਨਿਆਂ
ਦੀ ਖੋਹੀ ਹੈ?
ਸ਼ੀਸ਼ੇ ਦੇ ਸਾਹਵੇਂ
ਆਪਣੇ ਅੱਗੇ ਸਵਾਲ ਰੱਖੀਂ।
ਤੱਕਣੇ ਜੇ ਸੱਤੇ
ਰੰਗ ਤੂੰ ਪਾਣੀ ਦੇ ਰੰਗ 'ਚੋਂ,
ਸਿੱਲ੍ਹੀ ਤਲੀ 'ਤੇ ਰੇਸ਼ਮੀ , ਕੋਈ ਰੁਮਾਲ ਰੱਖੀਂ।
ਉੱਡਣੇ ਨੇ ਤੇਰੇ ਬੋਟ ਜਦ , ਉਸ ਦਿਨ ਦੇ ਵਾਸਤੇ,
ਘੁੱਗੀਆਂ ਨੂੰ ਤੂੰ ਮਨ ਦੀ ਕਿਸੇ
ਨੁੱਕਰ 'ਚ
ਪਾਲ ਰੱਖੀਂ।
ਸੁੰਨ ਲੈ ਕੇ ਪੋਹ ਦੀ, ਮਾਘ ਦੀ, ਭੱਜੀ ਹੈ ਆਉਦੀ ਸ਼ਾਮ,
ਨਜ਼ਮਾਂ ਦੀ , ਗ਼ਜ਼ਲਾਂ ਦੀ , ਕਿਸੇ ਧੂਣੀ ਨੂੰ ਬਾਲ ਰੱਖੀਂ।

No comments:
Post a Comment