Monday, 3 October 2016

ਆਇਐ ਹਨ੍ਹੇਰਾ ਸਾਹਮਣੇ.......

ਆਇਐ  ਹਨ੍ਹੇਰਾ ਸਾਹਮਣੇ, ਜਦ  ਵੀ ਤਲਾਸ਼ ਵਿੱਚ
ਬਲ ਕੇ ਮੈਂ ਜੁਗਨੂੰ ਹੋ ਗਈ , ਉੱਡੀ  ਆਕਾਸ਼  ਵਿੱਚ

ਨਜ਼ਰਾਂ  ', ਹੋਂਠਾਂ ਵਿੱਚ, ਮੇਰੇ  ਹਰ ਸੁਆਸ ਵਿੱਚ
ਸ਼ਾਮਿਲ ਹੈ ਉਹਦੀ ਚਾਸ਼ਨੀ , ਮੇਰੀ  ਮਿਠਾਸ ਵਿੱਚ

ਉਹਦੀ  ਨਜ਼ਰ  ਜੇ ਆਏ, ਤਾਂ  ਵਾਪਿਸ ਨਾ ਜਾ ਸਕੇ
ਸਖੀਓ!ਮੈਂ ਕੀ ਕੀ ਜੜ ਲਵਾਂ ਆਪਣੇ ਲਿਬਾਸ ਵਿੱਚ

ਨਦੀਆਂ  ਨੂੰ   ਡੀਕਿਐ   ਕਦੀ , ਰੇਤੇ   ਨੂੰ  ਚੂਸਿਐ
ਆਏ  ਨੇ   ਉਹ  ਮੁਕਾਮ   ਵੀ ਮੇਰੀ  ਪਿਆਸ ਵਿੱਚ

ਮੈਂ  ਉਹਦੀ  ਬੰਸਰੀ  ਦਿਆਂ ਪੋਰਾਂ  '  ਲੁਕ ਗਈ
ਉਹ  ਮੈਨੂੰ  ਭਾਲਦਾ  ਰਿਹਾ ਗੋਕਲ ਦੀ ਰਾਸ ਵਿੱਚ

ਸ਼ਾਇਰ  ਬਣਨਗੇ, ਜਾਂ  ਕਿਤੇ  ਮਹਿਬੂਬ  ਬਣਨਗੇ
ਜਿੰਨੇ  ਵੀ  ਲੋਕ ਮਰ  ਗਏ, ਮੌਸਮ  ਉਦਾਸ ਵਿੱਚ

ਰਾਤੀਂ ਤੁਸੀਂ ਝੂਮੇ ਸੀ , ਜਿਸ  ਛਣਕਾਰ  ਨੂੰ ਸੁਣਕੇ

ਛਣਕੇ ਸੀ ਉਹ ਅੱਥਰੂ ਮੇਰੇ, ਕੱਚ ਦੇ ਗਲਾਸ ਵਿੱਚ।

No comments:

Post a Comment