Monday, 3 October 2016

ਸਹੀਓ ਨੀਂ ! ਫਿਰ 'ਵਾਜ ਅਜ਼ਲ ਨੇ ਮਾਰੀ....


ਸਹੀਓ ਨੀਂ! ਫਿਰ 'ਵਾਜ  ਅਜ਼ਲ ਨੇ ਮਾਰੀ
ਭਰ ਗਈ ਨੀਂ ,ਸਾਡੀ ਜ਼ਖਮਾਂ ਨਾਲ ਪਟਾਰੀ

ਸਹੀਓ ਨੀਂ  ! ਅਸੀਂ   ਹੋਰ  ਸੰਪੂਰਨ  ਹੋਏ
ਫਿਰ ਗਈ ਨੀਂ  ਸਾਡੇ ਅੰਗ ਅੰਗ 'ਚੋਂ ਆਰੀ

ਖਿੜ  ਗਿਆ ਨੀਂ  ਦਰਦਾਂ  ਦਾ ਗੋਰਾ ਚੰਬਾ
ਮਹਿਕ  ਗਈ  ਪੀੜਾਂ  ਦੀ  ਨਵੀਂ ਕਿਆਰੀ

ਟੁੱਟ  ਗਏ  ਨੀਂ ਕੁਝ  ਮੋਤੀ  ਪਲਕਾਂ ਨਾਲੋਂ
ਭਿੱਜ  ਗਿਆ  ਸਣ-ਪਾਵੇ  ਪਲੰਘ ਨਵਾਰੀ

ਛਿੱਜ  ਗਿਆ  ਥਾਂ   ਥਾਂ  ਤੋਂ  ਸੂਹਾ  ਚੋਲਾ
ਜਿੰਦ  ਖੜ੍ਹੀ   ਹੈ  ਚਿੱਟੀ   ਬੁੱਕਲ  ਮਾਰੀ

ਸਹੀਓ  ਨੀ  ! ਰਾਹ   ਹੋਰ  ਮੋਕਲੇ  ਹੋਏ
ਅਣਦਿਸਦੇ  ਮਹਿਲਾਂ  ਦੀ  ਦਿਸੇ ਅਟਾਰੀ

ਸੂਰਜ  ਸਾਥੋਂ   ਰੁੱਸ  ਕੇ  ਤੁਰਿਆ  ਜਾਂਦਾ 
ਰਾਤ  ਬਣੀ  ਹੈ  ਰੂਹ  ਸਾਰੀ  ਦੀ  ਸਾਰੀ

No comments:

Post a Comment