Monday, 3 October 2016

ਸਾਡੀ ਵੀ ਮੁਹੱਬਤ ਦੀ........


ਸਾਡੀ  ਵੀ  ਮੁਹੱਬਤ  ਦੀ ਇੱਕ ਅਜਬ  ਕਹਾਣੀ ਸੀ
ਹਾਸੇ ਦਾ  ਸਫੀਨਾ ਸੀ  , ਬਿਜਲੀ  ਦੀ  ਰਵਾਨੀ ਸੀ

ਮਹਿਕਾਂ ਦੀ ਰੁੱਤ ਦੇ ਵਿੱਚ ਖੁਸ਼ੀਆਂ ਦਾ ਝੁਰਮਟ ਸੀ
ਸੋਨੇ   ਦਾ   ਸਰੋਵਰ  ਸੀ , ਚਾਂਦੀ  ਦਾ  ਪਾਣੀ  ਸੀ

ਪਾਣੀ   ਵਿੱਚ   ਪੈਰ   ਡੁਬੋ   ਜਦ  ਦੋਵੇਂ  ਬੈਠੇ  ਸੀ
ਮੇਰੇ  ਗਲ  ਵਿੱਚ ਤੂੰ  ਪਾਈ  ਇਸ਼ਕੇ  ਦੀ ਗਾਨੀ ਸੀ

ਸਾਡੇ  ਸਿਰ  ਤੋਂ  ਫੁੱਲ  ਸਾਰੇ , ਵਾਰੇ  ਹਰ ਡਾਲੀ ਨੇ
ਜਦ   ਆਪਾਂ   ਦੋਵਾਂ   ਨੇ  ਛੋਹੀ  ਇਹ  ਕਹਾਣੀ ਸੀ

ਸਾਡੇ ਗਲ ਵਿੱਚ ਬਾਹਾਂ ਪਾ  ਨੱਚੀਆਂ ਸੀ ਹਵਾਵਾਂ ਵੀ
ਝੂਮੇ  ਸੀ  ਨਜ਼ਾਰੇ   ਸਭ ,  ਹਰ  ਚੀਜ਼ ਦੀਵਾਨੀ ਸੀ

ਛੋਹੇ  ਸੀ  ਸੁਹਾਗ  ੳਦੋਂ   ਕੋਇਲਾਂ ਤੇ  ਚਿੜੀਆਂ  ਨੇ
ਤੇ   ਵਟਣਾ   ਬਣ   ਬੈਠੀ   ਮਿੱਟੀ   ਮਸਤਾਨੀ  ਸੀ

ਤੈਨੂੰ   ਤੱਕ   ਸ਼ਰਮਾ  ਕੇ  ਮੈਂ  ਜਦ  ਨੀਵੀਂ ਪਾਈ ਸੀ
ਤੇਰੇ   ਹੋਂਠਾਂ  'ਤੇ  ਖੇਡੀ  ,  ਮੁਸਕਾਨ  ਨੂਰਾਨੀ   ਸੀ

ਉਹੋ   ਪਲ   ਸੋਨਾ   ਸੀ  , ੳਹੋ  ਦਿਨ  ਜੰਨਤ  ਸੀ
ਉਦੋਂ   ਤੂੰ    ਰਾਜਾ   ਸੀ  , ਉਦੋਂ   ਮੈਂ    ਰਾਣੀ   ਸੀ

ਸਾਡੀ  ਵੀ  ਮੁਹੱਬਤ ਦੀ  ਇੱਕ  ਅਜਬ ਕਹਾਣੀ ਸੀ

ਹਾਸੇ  ਦਾ  ਸਫੀਨਾ  ਸੀ , ਬਿਜਲੀ ਦੀ  ਰਵਾਨੀ ਸੀ।

No comments:

Post a Comment