Monday, 3 October 2016

ਹਿਜਰ ਵਿੱਚ ਹੰਝੂਆਂ ਦੀ ਕਿਣਮਿਣ ......


ਹਿਜਰ ਵਿੱਚ ਹੰਝੂਆਂ ਦੀ ਕਿਣਮਿਣ ਜਿਗਰ 'ਤੇ ਲਹਿੰਦੀ ਰਹੀ
ਸੇਕ   ਵੀ   ਲੱਗਦਾ   ਰਿਹਾ   ਤੇ   ਠੰਢ    ਵੀ    ਪੈਂਦੀ   ਰਹੀ

ਆਂਦਰਾਂ   ਦੇ   ਟਾਹਣਾਂ    ਉੱਤੇ    ਫੁੱਲ    ਲੱਗੇ   ਪੀੜ    ਦੇ
ਮਹਿਕ  ਗੀਤਾਂ   ਮੇਰਿਆਂ  ਵਿੱਚ  ਹਰ  ਘੜੀ ਰਹਿੰਦੀ ਰਹੀ 

ਤਾਰਿਆਂ   ਦੇ    ਅੱਖਰਾਂ   ਵਿੱਚ   ਤੇਰੀ   ਮੇਰੀ   ਬਾਤ  ਹੈ
ਰਾਤ   ਨੇ   ਭਰਿਆ   ਹੁੰਗ੍ਹਾਰਾ, ਕਹਿਕਸ਼ਾਂ   ਕਹਿੰਦੀ ਰਹੀ

ਨੱਪੀ  ਸੀ , ਘੁੱਟੀ  ਸੀ ,  ਬੁੱਕਲ   ਮਾਰੀ   ਪੀਚ  ਪੀਚ ਕੇ
ਨ੍ਹੇਰੀ  ਸੀ   ਮੂੰਹ-ਜ਼ੋਰ ,  ਚੁੰਨੀ  ਸਿਰਾਂ   ਤੋਂ  ਲਹਿੰਦੀ ਰਹੀ

ਟੁੱਟ  ਗਈ  ਗਾਨੀ  ਤੇ ਰੁੱਸਾ  ਮੀਤ, ਫਿਰ ਮੰਨਿਆ ਨਾ
ਹਰ   ਕਲਹਿਰੀ   ਮੋਰਨੀ   ਏਹੋ   ਸਜ਼ਾ   ਸਹਿੰਦੀ  ਰਹੀ

ਤੇਰਿਆਂ   ਹੱਥਾਂ   'ਤੇ    ਉੱਗੇ    ਮੇਰੀ   ਖਾਤਿਰ   ਭੱਖੜੇ
ਮੇਰਿਆਂ   ਹੱਥਾਂ   'ਤੇ    ਤੇਰੇ   ਨਾਮ   ਦੀ  ਮਹਿੰਦੀ ਰਹੀ

ਜੰਮੇ ਤਾਂ ਪਰਬਤ ਜਿਹਾ ਉਹ,ਪਿਘਲੇ ਤਾਂ ਦਰਿਆ ਜਿਹਾ 
ਸ਼ਖਸ ,  ਜਿਸਨੂੰ  ਮੈਂ  ਸਦਾ, ਕੱਚਾ  ਘੜਾ ਕਹਿੰਦੀ ਰਹੀ

No comments:

Post a Comment