Monday, 3 October 2016

ਮਰਾਂ ਤਾਂ ਇਉਂ ਮਰਾਂ ...


ਮਰਾਂ ਤਾਂ  ਇਉਂ  ਮਰਾਂ  ਜ਼ਿੰਦਗੀ  ਫਲਾਂ ਦਾ  ਬਾਗ ਲੱਗੇ
ਜਲਾਂ ਤਾਂ   ਇਉਂ  ਜਲਾਂ  ਮੇਰਾ  ਸਿਵਾ   ਚਿਰਾਗ  ਲੱਗੇ

ਧਰਾਂ   ਇਉਂ    ਸਰਗ਼ਮਾਂ , ਹਨ੍ਹੇਰਿਆਂ  ਦੇ  ਹੋਂਠਾਂ  'ਤੇ
ਕਿ ਮੇਰਾ  ਮਰਸੀਆ  ਦੁਨੀਆਂ  ਨੂੰ  ਕੋਈ  ਰਾਗ ਲੱਗੇ

ਜੇ ਮੁਕਤੀ  ਦੇਣੀ  ਨਹੀਂ , ਫਿਰ ਏਨਾ ਤਾਂ ਵਰਦਾਨ ਦੇ
ਆਉਣ  ਦਾ ਚਾਅ  ਚੜ੍ਹੇਨਾ ,ਜਾਣ ਦਾ ਵਰਾਗ  ਲੱਗੇ

ਜਿਹਨੇ ਤਕਦੀਰ ਨਹੀਂ ਤਦਬੀਰ  ਬੰਨ੍ਹੀ  ਚੁੰਨੀ ਵਿੱਚ
ਭਲਾ !  ਉਹਦਾ ਕੀ  ਬੰਨੇ ਬੋਲਦਾ ਫਿਰ ਕਾਗ  ਲੱਗੇ?

ਮੇਰੇ  ਹਰ  ਹੰਝੂ ਨੂੰ  ਪਲਕਾਂ  ਨਾ' ਪੂੰਝਿਆ  ਜਿਸਨੇ
ਕਦੀ ਉਹ  ਰੱਬ  ਲੱਗੇ  ਮੈਨੂੰ , ਕਦੀ  ਸੁਹਾਗ ਲੱਗੇ

ਤੇਰਾ  ਨਾਂ  ਲੈ   ਕੇ  ਮੈਂ  ਧਰਤੀ  ਨੂੰ  ਅਰਘ ਦੇਣਾ ਹੈ
ਕਿ  ਮੈਨੂੰ   ਚੰਦ ਤਾਂ  ਅੰਬਰ  'ਤੇ   ਗੋਰਾ ਦਾਗ ਲੱਗੇ

ਗ਼ਜ਼ਲ  ਦੀ  ਤਲੀ  'ਤੇ  ਟਿਕਣੇ ਨੇ  ਪੇੜੇ ਮੱਖਣ ਦੇ 
ਹੁਨਰ  ਦੇ  ਦੁੱਧ   ਨੂੰ ਜੇ   ਹੰਝੂਆਂ  ਦਾ  ਜਾਗ ਲੱਗੇ।

No comments:

Post a Comment